14 ਅਪ੍ਰੈਲ ਤੋਂ ਬਾਅਦ ਕਰਫਿਊ ਦਾ ਸਮਾਂ ਵਧਾਉਣ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ: ਕੈਪਟਨ ਅਮਰਿੰਦਰ ਸਿੰਘ

ਮੀਡੀਆਂ ਵਿੱਚ ਆਈਆਂ ਖ਼ਬਰਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 8  ਅਪ੍ਰੈਲ ਨੂੰ ਇਹ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। 


ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫੈਸਲਾ 10 ਅਪ੍ਰੈਲ ਨੂੰ ਰੱਖੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਹਦਾਇਤਾਂ ‘ਤੇ ਮੁੱਖ ਸਕੱਤਰ ਨੇ ਇਹ ਸਲਾਹਕਾਰੀ ਤੁਰੰਤ ਵਾਪਸ ਲੈ ਲਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੀ ਸਥਿਤੀ ਤੇ ਨਿਰੰਤਰ ਮੁਲਾਂਕਣ ਤੇ ਸਮੀਖਿਆ ਕੀਤੀ ਜਾ ਰਹੀ ਹੈ ਜਿਹੜੀ ਕਿ ਰੋਜ਼ਾਨਾ ਬਦਲ ਰਹੀ ਹੈ ਅਤੇ ਕੋਈ ਵੀ ਫੈਸਲਾ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਪ੍ਰੈਲ ਦੇ ਅੱਧ ਵਿੱਚ ਹੋਣ ਵਾਲੀਆਂ ਸਥਿਤੀਆਂ ਨੂੰ ਦੇਖਦੇ ਹੋਏ ਲਿਆ ਜਾਵੇਗਾ। 
             ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇ ਪੰਜਾਬ ਵਿੱਚ ਮਹਾਂਮਾਰੀ ਅਜੇ ਕੰਟਰੋਲ ਵਿੱਚ ਹੈ ਪਰ ਲਗਾਤਾਰ ਬਦਲਦੇ ਮਾਮਲਿਆਂ ਨੂੰ ਵੇਖਦਿਆਂ ਇਸ ਸਮੇਂ ਭਵਿੱਖ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰੀ ਤਰਾਂ ਕਰਫਿਊ ਖ਼ਤਮ ਕਰਨਾ ਜਾਂ ਅੰਸ਼ਕ ਤੌਰ ‘ਤੇ ਖ਼ਤਮ ਕਰਨ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਸੀਂ ਨਾ ਸਿਰਫ਼ ਪੰਜਾਬ ਬਲਕਿ ਪੂਰੇ ਭਾਰਤ ਦੀ ਸਥਿਤੀ ਤੇ ਡੂੰਘਾਈ ਨਾਲ ਨਜ਼ਰ ਰੱਖ ਰਹੇ ਹਾਂ। ਅਸੀਂ ਦੂਸਰੇ ਦੇਸ਼ਾਂ ਦੀ ਇਸ ਮਹਾਂਮਾਰੀ ਸਬੰਧੀ ਸਥਿਤੀ ਦਾ ਵੀ ਖਿਆਲ ਰੱਖ ਰਹੇ ਹਾਂ ਤਾਂ ਜੋ ਅਸੀਂ ਉਨ੍ਹਾਂ ਦੇ ਤਜ਼ਰਬਿਆਂ ਨੂੰ ਸਮਝ ਕੇ ਉਨ੍ਹਾਂ ਮੁਤਾਬਕ ਕੰਮ ਕਰ ਸਕੀਏ।
                  ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਅਪਣਾਈ ਗਈ ਨੀਤੀ ਨੇ ਬਹੁਤ ਮਦਦ ਕੀਤੀ, ਹਾਲਾਂਕਿ ਵਿਕਾਸਸ਼ੀਲ  ਦੇਸ਼ਾਂ ਨਾਲੋਂ ਹਾਲਾਤ ਬਹੁਤ ਬਿਹਤਰ ਹਨ, ਪਰ ਇਸ ਤੋਂ ਪੂਰੇ ਸੰਤੁਸ਼ਟ ਨਹੀਂ ਹਾਂ ਕਿਉਂਕਿ ਜੋ ਅਗਲੇ ਆਉਣ ਵਾਲੇ ਕੁੱਝ ਦਿਨ ਮੁਸ਼ਕਲਾਂ ਭਰੇ ਹੋ ਸਕਦੇ ਹਨ, ਸੋ ਇਨ੍ਹਾਂ ਸਥਿਤੀਆਂ ਨੂੰ ਧਿਆਨ ਚ ਰੱਖਦਿਆਂ ਹੋਏ ਅੱਗੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਦੁਹਰਾਇਆ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਜੁਮੇਵਾਰੀ ਹੈ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਫੈਸਲਾ ਲਿਆ ਜਾਵੇਗਾ ਕਿਉਂ ਜੋ ਅਜੇ ਕਿਹਾ ਨਹੀਂ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਚ ਮਹਾਂਮਾਰੀ ਦਾ ਰੂਪ ਕਿਹੋ ਜਿਹਾ ਹੋ ਸਕਦਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਦੇ ਭਾਰਤ ਲੌਕਡਾਊਨ ਦੇ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ 23 ਮਾਰਚ ਨੂੰ ਪੰਜਾਬ ਚ ਕਰਫਿਊ ਲਾਗੂ ਕਰ ਦਿੱਤਾ ਸੀ।

Previous Post Next Post